(15 ਮਈ): ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ੍ਹ ਨਮਿਤ ਸ਼ਹੀਦੀ ਸਮਾਗਮ ਅੱਜ ਉਹਨਾ ਦੇ ਜੱਦੀ ਪਿੰਡ ਪੰਜਵੜ੍ਹ ਵਿਖੇ ਸਮੂਹ ਸ਼ਹੀਦ ਪਰਿਵਾਰ, ਗੁਰ-ਸੰਗਤ ਅਤੇ ਖਾਲਸਾ ਪੰਥ ਵੱਲੋਂ ਸਾਂਝੇ ਤੌਰ ਉੱਤੇ ਕਰਵਾਇਆ ਗਿਆ। ਭਾਈ ਪਰਮਜੀਤ ਸਿੰਘ ਪੰਜਵੜ੍ਹ ਲੰਘੀ 6 ਮਈ ਨੂੰ ਜਲਾਵਤਨੀ ਦੌਰਾਨ ਵੈਰੀ ਵੱਲੋਂ ਲਗਾਈ ਘਾਤ ਵਿਚ ਸ਼ਹੀਦ ਹੋ ਗਏ ਸਨ।
ਖਾੜਕੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਨੇ ਅੱਜ ਦੇ ਸ਼ਹੀਦੀ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਖਾਲਸਾ ਪੰਥ ਲਈ ਇਹ ਗੱਲ ਤਸੱਲੀ ਤੇ ਦ੍ਰਿੜਤਾ ਦਾ ਸਬੱਬ ਹੈ ਕਿ ਉਹਨਾ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਦੀ ਜੋ ਜਿੰਮੇਵਾਰੀ ਭਾਈ ਪਰਮਜੀਤ ਸਿੰਘ ਪੰਜਵੜ ਨੇ ਓਟੀ ਸੀ ਉਹ ਉਹਨਾ ਨੇ ਆਖਰੀ ਸਾਹਾਂ ਤੱਕ ਆਪਣੇ ਖੂਨ-ਪਸੀਨੇ ਨਾਲ ਨਿਭਾਈ ਹੈ। ਉਹਨਾ ਕਿਹਾ ਕਿ ਦਿੱਲੀ ਦਰਬਾਰ ਸਿੱਖਾਂ ਦੇ ਪਵਿੱਤਰ ਸੰਕਲਪਾਂ, ਸੰਸਥਾਵਾਂ ਤੇ ਸਿੱਖ ਅਗਵਾਈ (ਲੀਡਰਸ਼ਿੱਪ) ਨੂੰ ਨਿਸ਼ਾਨੇ ਉੱਤੇ ਲੈ ਰਿਹਾ ਹੈ। ਅਜਿਹੇ ਵਿਚ ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਅੰਦਰੂਨੀ ਕਤਾਰਬੰਦੀ ਕਾਇਦਾਬੱਧ ਕਰਨ ਤੇ ਆਪਸ ਵਿਚ ਇਤਫਾਕ ਕਾਇਮ ਕਰਨ ਦੀ ਸਖਤ ਜਰੂਰਤ ਹੈ।
ਭਾਈ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਖਾੜਕੂ ਸੰਘਰਸ਼ ਰਸਤੇ ਉੱਤੇ ਚੱਲਦਿਆਂ ਭਾਈ ਪੰਜਵੜ ਤੇ ਉਹਨਾ ਦੇ ਪਰਿਵਾਰ ਦੀ ਘਾਲਣਾ ਦਾ ਸਿਲਸਿਲਾ ਪਰਿਵਾਰਕ ਜੀਆਂ ਦੀਆਂ ਸ਼ਹੀਦੀਆਂ ਰਾਹੀਂ ਹੁੰਦਾ ਹੋਇਆ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਸ਼ਹੀਦੀ ਨਾਲ ਜਿਸ ਮੁਕਾਮ ਉੱਤੇ ਪੁੱਜਾ ਹੈ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨ ਵਾਲੇ ਨੌਜਵਾਨਾਂ ਅਤੇ ਅਗਲੀਆਂ ਪੀੜ੍ਹੀਆ ਲਈ ਪ੍ਰੇਰਣਾ ਦਾ ਸਰੋਤ ਰਹੇਗਾ। ਉਹਨਾ ਕਿਹਾ ਕਿ ਪੰਜਵੜ੍ਹ ਪਰਿਵਾਰ ਪੰਥਕ ਭਾਵਨਾ ਅਤੇ ਕੁਰਬਾਨੀ ਵਾਲਾ ਪਰਿਵਾਰ ਹੈ ਜਿਹਨਾ ਖਾਲਸਾ ਪੰਥ ਦੀ ਝੋਲੀ ਵਿਚ ਸ਼ਹੀਦ ਅਤੇ ਸੂਰਬੀਰ ਪਾਏ ਹਨ ਅਤੇ ਹਕੂਮਤ ਦੇ ਹਰ ਜ਼ਬਰ-ਜੁਲਮ ਨੂੰ ਗੁਰੂ ਓਟ ਸਦਕਾ ਸਬਰ ਸਿਰੜ ਨਾਲ ਝੱਲਿਆ ਹੈ।
ਦਲ ਖਾਲਸਾ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਨੇ ਖਾੜਕੂ ਸੰਘਰਸ਼ ਦੇ ਰਾਹ ਉੱਤੇ ਇੱਕ ਯੋਧੇ ਵਾਲਾ ਜੀਵਨ ਜਿਓਂਇਆ। ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਸਤਿਗੁਰਾਂ ਅੱਗੇ ਅਰਦਾਸ ਕਰੇ ਕਿ ਸੱਚੇ ਪਾਤਿਸ਼ਾਹ ਭਾਈ ਪਰਮਜੀਤ ਸਿੰਘ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਖਾਲਸਾ ਪੰਥ ਨੂੰ ਸੰਘਰਸ਼ ਤੇ ਰਸਤੇ ਉੱਤੇ ਦ੍ਰਿੜਤਾ ਨਾਲ ਚੱਲਦੇ ਰਹਿਣ ਦਾ ਬਲ ਬਖਸ਼ਣ। ਉਹਨਾ ਕਿਹਾ ਕਿ ਦਲ ਖਾਲਸਾ ਇਸ ਵਿਚਾਰ ਦਾ ਹਾਮੀ ਹੈ ਕਿ ਖਾਲਿਸਤਾਨ ਦੇ ਮਸਲੇ ਉੱਤੇ ਸੰਯੁਕਤ ਰਾਸ਼ਟਰ ਤਹਿਤ ਰਾਏਸ਼ੁਮਾਰੀ ਕਰਵਾਈ ਜਾਵੇ।
ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਉਸ ਵੇਲੇ ਹੋਈ ਹੈ ਜਦੋਂ ਦਿੱਲੀ ਦਰਬਾਰ (ਇੰਡਿਅਨ ਸਟੇਟ) ਸਿੱਖ ਮਸਲੇ ਨੂੰ ਆਪਣੇ ਅਨੁਸਾਰ ਨਜਿੱਠਣ ਦੀ ਕਵਾਇਦ ਸ਼ੁਰੂ ਕਰ ਚੁੱਕਾ ਹੈ। ਅਜਿਹੇ ਹਾਲਾਤ ਵਿਚ ਇਸ ਘਟਨਾ ਨੂੰ ਦੁਸ਼ਮਣ ਦੇ ਵੱਡੇ ਤੇ ਗੰਭੀਰ ਹਮਲੇ ਵੱਜੋਂ ਹੀ ਵੇਖਿਆ ਜਾਣਾ ਚਾਹੀਦਾ ਹੈ। ਦੁਸ਼ਮਣ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਹਮਲਿਆਂ ਨਾਲ ਸੱਚਾਈ ਨਹੀਂ ਬਦਲੀ ਜਾ ਸਕਦੀ ਅਤੇ ਖਾਲਸਾ ਪੰਥ ਦਾ ਸੰਘਰਸ਼ ਗੁਰੂ ਓਟ ਸਦਕਾ ਜਾਰੀ ਰਹਿਣਾ ਹੈ।
ਸਮਾਗਮ ਦੌਰਾਨ ਪੰਥਕ ਜਥੇਬੰਦੀਆਂ ਅਤੇ ਆਗੂਆਂ ਨੇ ਸ਼ਹੀਦ ਪਰਮਜੀਤ ਸਿੰਘ ਪੰਜਵੜ੍ਹ ਦੇ ਭਰਾਵਾਂ ਭਾਈ ਬਲਦੇਵ ਸਿੰਘ ਫੌਜੀ ਅਤੇ ਭਾਈ ਅਮਰਜੀਤ ਸਿੰਘ ਨੂੰ ਦਰਸਾਤਾਂ ਅਤੇ ਸਿਰੋਪਾਓ ਭੇਂਟ ਕੀਤੇ।
ਅੱਜ ਦੇ ਸ਼ਹੀਦੀ ਸਮਾਗਮ ਦੌਰਾਨ ਸੰਤ ਬਾਬਾ ਗੁਰਬਚਨ ਸਿੰਘ ਸੁਰਸਿੰਘ ਦਲ ਪੰਥ ਬਾਬਾ ਬਿਧੀ ਚੰਦ, ਭਾਈ ਹਵਾਰਾ ਕਮੇਟੀ ਤੋਂ ਪ੍ਰੋ. ਬਲਜਿੰਦਰ ਸਿੰਘ, ਪੰਥ ਸੇਵਕ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਪੰਥ ਸੇਵਕ ਜਥਾ ਦੋਆਬਾ ਤੋਂ ਭਾਈ ਮਨਧੀਰ ਸਿੰਘ, ਜਥਾ ਸਿਰਲੱਥ ਖਾਲਸਾ ਤੋਂ ਭਾਈ ਦਿਲਬਾਗ ਸਿੰਘ, ਵਾਰਿਸ ਪੰਜਾਬ ਦੇ ਤੋਂ ਪਲਵਿੰਦਰ ਸਿੰਘ ਤਲਵਾੜਾ, ਭਾਈ ਬਲਬੀਰ ਸਿੰਘ ਬੀਰਾ, ਭਾਈ ਧਿਆਨ ਸਿੰਘ ਮੰਡ, ਸਤਨਾਮ ਸਿੰਘ ਮਨਾਵਾਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਦਲੇਰ ਸਿੰਘ ਡੋਡ, ਪਰਮਜੀਤ ਸਿੰਘ ਸਹੌਲੀ, ਭਾਈ ਹੀਰਾ ਸਿੰਘ ਪੰਜਵੜ੍ਹ, ਬਾਬਾ ਬੂਟਾ ਸਿੰਘ ਜੋਧਪੁਰੀ, ਸਿੱਖ ਲੇਖਕ ਅਜਮੇਰ ਸਿੰਘ ਅਤੇ ਸੁਖਪ੍ਰੀਤ ਸਿੰਘ ਉੱਦੋਕੇ, ਪੰਥ ਸੇਵਕ ਜਥਾ ਮਾਝਾ ਤੋਂ ਸੁਖਦੀਪ ਸਿੰਘ ਮੀਕੇ, ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ, ਬਾਬਾ ਲਹਿਣਾ ਸਿੰਘ ਤਲਵੰਡੀ ਬਖਤਾਂ, ਬਾਬਾ ਸੱਜਣ ਸਿੰਘ ਬੇਰ ਸਾਹਿਬ, ਬੀਬੀ ਸੰਦੀਪ ਕੌਰ ਖਾਲਸਾ, ਬਾਬਾ ਸਾਧੂ ਸਿੰਘ ਲੰਙੇਆਣਾ, ਬਾਬਾ ਦਲਜੀਤ ਸਿੰਘ ਲੰਙੇਆਣਾ, ਭਾਈ ਕੇਵਲ ਸਿੰਘ ਮਹਿਤਾ, ਭਾਈ ਮਹਿਕਦੀਪ ਸਿੰਘ ਪੰਥ ਸੇਵਕ ਜਥਾ ਮਾਝਾ, ਹਰਦਿਆਲ ਸਿੰਘ ਘਰਿਆਲਾ, ਰਣਜੀਤ ਸਿੰਘ ਭਿੰਡਰਾਂਵਾਲੇ ਫੈਡਰੇਸ਼ਨ, ਭੁਪਿੰਦਰ ਸਿੰਘ ਛੇ ਜੂਨ ਆਦਿ ਨੇ ਹਾਜਰੀ ਭਰੀ ।
ਇਸ ਮੌਕੇ ਮੰਚ ਦਾ ਸੰਚਾਲਨ ਬਲਵਿੰਦਰ ਸਿੰਘ ਝਬਾਲ ਅਤੇ ਬਖਸ਼ੀਸ਼ ਸਿੰਘ ਵੱਲੋਂ ਕੀਤਾ ਗਿਆ।
No Comments