ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨੂੰ ਸੂਤਰਧਾਰ ਕਰਨ ਦੇ ਯਤਨਾਂ ਤਹਿਤ ਅੱਜ ਸ਼੍ਰੀ ਅੰਮ੍ਰਿਤਸਰ ਵਿਖੇ ਕਾਰਜਸ਼ੀਲ ਜਥਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਇੱਕਤਰਤਾ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਜਥਾ ਸਿਰਲੱਥ ਖਾਲਸਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੁਖੀ ਸਿੰਘਾਂ ਨਾਲ ਬੈਠਕ ਕੀਤੀ ਜਿਸ ਵਿਚ ਮੌਜੂਦਾ ਹਾਲਾਤ ਅਤੇ ਸਿੱਖ ਸਫਾਂ ਵਿਚਲੇ ਖਿੰਡਾਓ ਬਾਰੇ ਗੰਭੀਰ ਵਿਚਾਰਾਂ ਹੋਈਆਂ।
ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਿੱਖ ਸਫਾਂ ਵਿਚ ਆਪਸੀ ਸੰਵਾਦ ਦੀ ਕਮੀ ਕਾਰਨ ਸਾਡੇ ਮਸਲੇ ਉਲਝਦੇ ਜਾ ਰਹੇ ਹਨ। ਅਜਿਹੇ ਹਾਲਾਤ ਵਿਚ ਸਥਾਨਕ ਪੱਧਰ ਉੱਤੇ ਸਰਗਰਮ ਸਿੱਖ ਜਥਿਆਂ ਨੂੰ ਆਪਸ ਵਿਚ ਤਾਲਮੇਲ ਵਧਾਉਣਾ ਚਾਹੀਦਾ ਹੈ ਅਤੇ ਆਪਸੀ ਵਿਚਾਰ-ਚਰਚਾ ਕਰਕੇ ਸਾਂਝੇ ਫੈਸਲੇ ਲੈਣੇ ਚਾਹੀਦੇ ਹਨ।
ਪੰਥਕ ਸਖਸ਼ੀਅਤਾਂ ਨੇ ਕਿਹਾ ਕਿ ਉਹਨਾ ਵੱਲੋਂ ਪੰਥਕ ਪੱਧਰ ਉੱਤੇ ਆਪਸੀ ਵਿਚਾਰ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਉਸ ਤਹਿਤ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇੱਕਤਰਤਾ ਸੱਦੀ ਗਈ ਹੈ ਜਿਸ ਵਿਚ ‘ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ’ ਬਾਰੇ ਸਾਂਝੀ ਰਾਏ ਬਣਾਉਣ ਦਾ ਯਤਨ ਕੀਤਾ ਜਾਵੇਗਾ। ਪੰਥਕ ਸਖਸ਼ੀਅਤਾਂ ਨੇ ਜਥਾ ਸਿਰਲੱਥ ਖਾਲਸਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੂੰ ਵਿਸ਼ਵ ਸਿੱਖ ਇਕੱਤਰਤਾ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ।
ਇਸ ਬੈਠਕ ਵਿਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਥਾ ਸਿਰਲੱਥ ਖਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਸਤਵਿੰਦਰ ਸਿੰਘ ਨਿਹੰਗ, ਫ਼ੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਧਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ ਅਤੇ ਦਿਹਾਤੀ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ ਅਤੇ ਜਥੇ ਦੇ ਭਾਈ ਰਾਜਨ ਸਿੰਘ ਅਤੇ ਪੰਥ ਸੇਵਕ ਜਥਾ ਮਾਝਾ ਤੋਂ ਸੁਖਦੀਪ ਸਿੰਘ ਮੀਕੇ ਸ਼ਾਮਲ ਸਨ।
No Comments