ਪੰਥ ਸੇਵਕ ਸਖਸ਼ੀਅਤਾਂ ਵੱਲੋਂ ਆਉਂਦੇ ਮੀਰੀ ਪੀਰੀ ਦਿਵਸ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੇ ‘ਵਿਸ਼ਵ ਸਿੱਖ ਇਕੱਤਰਤਾ’ ਦੇ ਸੱਦੇ ਤਹਿਤ ਸਥਾਨਕ ਗੁਰ-ਸੰਗਤ, ਖਾਲਸਾ ਪੰਥ ਦੇ ਜਥਿਆਂ, ਸੰਪਰਦਾਵਾਂ, ਸਖਸੀਅਤਾਂ ਅਤੇ ਪੰਥ ਸੇਵਕਾਂ ਨਾਲ ਤਾਲਮੇਲ ਤੇ ਮੁਲਾਕਾਤਾਂ ਦੇ ਸਿਲਸਿਲੇ ਤਹਿਤ ਅੱਜ ਸੰਗਰੂਰ ਵਿਖੇ ਇਕ ਇਕੱਤਰਤਾ ਹੋਈ। ਇਸ ਇਕੱਤਰਤਾ ਵਿਚ ਖਾਲਸਾ ਪੰਥ ਤੇ ਗੁਰ-ਸੰਗਤ ਦੀ ਸੇਵਾ ਵਿਚ ਸਰਗਰਮ ਜਥਿਆਂ ਦੇ ਨੁਮਾਇੰਦਿਆਂ ਤੇ ਸਮਾਜ ਵਿਚ ਸਰਗਰਮ ਸਖਸ਼ੀਅਤਾਂ ਨੇ ਹਿੱਸਾ ਲਿਆ।
ਇਸ ਇਕੱਤਰਤਾ ਵਿਚ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਇਸ ਵੇਲੇ ਜਦੋਂ ਸੰਸਾਰ, ਦੱਖਣੀ ਏਸ਼ੀਆ ਦੇ ਖਿੱਤੇ ਤੇ ਹਿੰਦੁਸਤਾਨ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ (ਹਿੰਦ ਸੇਟਟ) ਸਿੱਖ ਵਿੱਚ ਆਏ ਵਰਤਮਾਨ ਖਿੰਡਾਓ ਨੂੰ ਹੋਰ ਵਧਾ ਰਿਹਾ ਹੈ।
ਉਹਨਾ ਕਿਹਾ ਕਿ ਸਦੀ ਪਹਿਲਾਂ ਸੰਘਰਸ਼ ਵਿੱਚੋਂ ਨਿੱਕਲੀਆਂ ਸਿੱਖ ਸੰਸਥਾਵਾਂ ਦਿੱਲੀ ਦਰਬਾਰ ਦੀ ਰਾਜਸੀ ਅਧੀਨਗੀ ਹੇਠ ਆ ਜਾਣ ਦੇ ਨਾਲ-ਨਾਲ ਕਈ ਹੋਰ ਅੰਦਰੂਨੀ ਕਮਜ਼ੋਰੀਆਂ ਦਾ ਵੀ ਸ਼ਿਕਾਰ ਹੋ ਚੁੱਕੀਆਂ ਹਨ। ਇਸ ਕਾਰਨ ਇਹ ਸਿੱਖਾਂ ਵਿੱਚ ਆਪਣੀ ਮਾਨਤਾ ਅਤੇ ਅਸਰ ਰਸੂਖ ਗਵਾਈ ਜਾ ਰਹੀਆਂ ਹਨ। ਵਰਤਮਾਨ ਗੈਰ ਸਿਧਾਂਤਕ ਪ੍ਰਬੰਧ ਕਾਰਨ ਖਾਲਸਾ ਪੰਥ ਦੇ ਕੇਂਦਰੀ ਧੁਰੇ ਵਜੋਂ ਅਗਵਾਈ ਕਰਨ ਵਾਲੇ ਸਰਵਉੱਚ ਤੇ ਸਰਵਪਰਵਾਨਤ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੱਡੀ ਆਂਚ ਆਈ ਹੈ।
ਉਹਨਾ ਦੱਸਿਆਂ ਕਿ ਅਸੀਂ ਪਿਛਲੇ ਛੇ ਮਹੀਨਿਆਂ ਦੌਰਾਨ ਸਿੱਖ ਸੰਪਰਦਾਵਾਂ, ਸੰਸਥਾਵਾਂ, ਪੰਥਕ ਸਖ਼ਸ਼ੀਅਤਾਂ, ਵਿਚਾਰਵਾਨਾਂ, ਵਿਦਵਾਨਾਂ, ਨੌਜੁਆਨਾਂ ਅਤੇ ਪ੍ਰਚਾਰਕਾਂ ਨਾਲ ਸੰਵਾਦ ਕੀਤਾ ਹੈ। ਇਸ ਦੀ ਅਗਲੀ ਕੜੀ ਤਹਿਤ 28 ਜੂਨ 2023 ਨੂੰ ਮੀਰੀ-ਪੀਰੀ ਦਿਵਸ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਜਾਵੇਗੀ, ਜਿਸ ਵਿੱਚ ਸ਼ਮੂਲੀਅਤ ਲਈ ਦੇਸ-ਵਿਦੇਸ ਤੋਂ ਸਿੱਖ ਸੰਪਰਦਾਵਾਂ, ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿਤਾ ਜਾਵੇਗਾ। ਵਿਸ਼ਵ ਸਿੱਖ ਇਕੱਤਰਤਾ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਨ ਅਤੇ ਇਸ ਦੀ ਸੇਵਾ ਸੰਭਾਲ ਪੰਥਕ ਰਿਵਾਇਤਾਂ ਅਨੁਸਾਰ ਕਰਨ ਬਾਰੇ ਸਾਂਝਾ ਫੈਸਲਾ ਲਿਆ ਜਾਵੇ।
ਭਾਈ ਦਲਜੀਤ ਸਿੰਘ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਹਾਲ ਵਿਚ ਹੀ ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਹੋਈ ਫੜੋ-ਫੜੀ, ਕੁਝ ਨੌਜਵਾਨਾਂ ਉੱਤੇ ਐਨ.ਐਸ.ਏ. ਕਾਨੂੰਨ ਲਗਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਭੇਜਣ ਅਤੇ ਪੱਤਰਕਾਰਾਂ ਦੇ ਖਾਤੇ ਬੰਦ ਕਰਨ ਤੇ ਉਹਨਾ ਦੇ ਘਰਾਂ ਵਿਚ ਛਾਪੇ ਮਾਰਨ ਦੀ ਕਰੜੀ ਨਿਖੇਧੀ ਕੀਤੀ। ਉਹਨਾ ਕਿਹਾ ਕਿ ਸਰਕਾਰ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰੇ ਅਤੇ ਪੰਜਾਬ ਵਿਚ ਦਹਿਸ਼ਤ ਦਾ ਮਹੌਲ ਬਣਾਉਣਾ ਬੰਦ ਕਰੇ।
ਇਸ ਮੌਕੇ ਸਿੱਖ ਜਥਾ ਮਾਲਵਾ ਤੋਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਭਾਈ ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਲੌਂਗੋਵਾਲ, ਪਰਵਿੰਦਰ ਸਿੰਘ, ਪ੍ਰੋ. ਅਮਨਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਉਭਾਵਾਲ, ਭਾਈ ਸਤਪਾਲ ਸਿੰਘ, ਬੇਅੰਤ ਸਿੰਘ, ਸਿੱਖ ਸਦਭਾਵਨਾ ਦਲ ਤੋਂ ਭਾਈ ਬਚਿੱਤਰ ਸਿੰਘ, ਰਾਗੀ ਗ੍ਰੰਥੀ ਸਭਾ ਸੰਗਰੂਰ ਤੋਂ ਭਾਈ ਕੁਲਵੰਤ ਸਿੰਘ, ਵਕੀਲ ਸ.ਜਗਮੀਤ ਸਿੰਘ ਸੰਗਰੂਰ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਭਾਈ ਮੱਖਣ ਸਿੰਘ ਵੀ ਹਾਜ਼ਰ ਸਨ।
No Comments