ਘੱਲੂਘਾਰਾ ਜੂਨ 84 ਦੀ ਯਾਦ ਸਿੱਖਾਂ ਲਈ ਅਹਿਮ ਕਿਉਂ? ਅੱਜ ਦੇ ਹਾਲਾਤ ਕੀ ਹਨ ਅਤੇ ਕੀ ਕਰਨਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਦਿੱਲੀ ਦਰਬਾਰ ਦਾ ਫੌਜੀ ਹਮਲਾ ਸਾਡੇ ਸਮਿਆਂ ਵਿਚ ਵਾਪਰੇ ਘੱਲੂਘਾਰੇ ਦੀ ਸ਼ੁਰੂਆਤ ਸੀ। ਘੱਲੂਘਾਰੇ ਦੇ ਇਹ ਦਿਹਾੜੇ ਸਿੱਖਾਂ ਲਈ ਬਹੁਤ ਅਹਿਮ ਹਨ। ਸ੍ਰੀ ਅਕਾਲ ਤਖਤ ਸਾਹਿਬ ਉੱਤੇ ਚੜ੍ਹ ਆਈਆਂ ਬਿਪਰ ਦੀਆਂ ਫੌਜਾਂ ਦਾ ਟਾਕਰਾ ਜਿਸ ਸਿਦਕ ਤੇ ਸੂਰਮਗਤੀ ਨਾਲ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਉਹਨਾ ਦੇ ਗਿਣਤੀ ਦੇ ਜੁਝਾਰੂ ਯੋਧਿਆਂ ਨੇ ਕੀਤਾ ਉਹ ਖਾਲਸਾਈ ਜੰਗ ਦੀ ਬੁਲੰਦੀ ਦੀ ਹਾਲੀਆ ਇਤਿਹਾਸ ਵਿਚ ਦਰਜ਼ ਹੋਈ ਵੱਡੀ ਗਵਾਹੀ ਹੈ। ਇਹਨਾ ਸੂਰਬੀਰ ਯੋਧਿਆਂ ਨੇ ਜਿਵੇਂ ਗੁਰੂ ਦਰ ਉੱਤੇ ਆਪਾ ਨਿਸ਼ਾਵਰ ਕਰਕੇ ਸ਼ਹੀਦੀ ਰੁਤਬੇ ਹਾਸਿਲ ਕੀਤੇ, ਉਹ ਸਾਡੇ ਲਈ ਸਦਾ ਪ੍ਰੇਰਣਾ ਦਾ ਸੋਮਾ ਰਹੇਗਾ।
ਘੱਲੂਘਾਰੇ ਦੀ ਯਾਦ ਨੂੰ ਸਿੱਖਾਂ ਦੇ ਮਨਾਂ ਵਿਚ ਮਿਟਾ ਦੇਣ ਜਾਂ ਧੁੰਧਲਾ ਕਰਨ ਲਈ ਸਮੇਂ ਦੀਆਂ ਹਕੂਮਤਾਂ ਨੇ ਬਹੁਤ ਜ਼ੋਰ ਲਾਇਆ ਪਰ ਸਿੱਖ ਸਮੂਹਿਕ ਯਾਦ ਵਿਚ ਇਸ ਦਿਹਾੜੇ ਦੀ ਛਾਪ ਗੂੜ੍ਹੀ ਹੀ ਹੁੰਦੀ ਗਈ ਹੈ। ਸਿੱਖਾਂ ਨੇ ਸਰਕਾਰੀ ਬਿਰਤਾਂਤਾਂ ਨੂੰ ਨਕਾਰ ਕੇ ਆਪਣੀ ਪਰੰਪਰਾ ਵਿਚੋਂ ਇਹਨਾ ਦਿਨਾਂ ਨੂੰ “ਘੱਲੂਘਾਰਾ ਹਫਤੇ” ਵੱਜੋਂ ਮਨਾਉਣ ਦਾ ਰਾਹ ਅਪਨਾਅ ਲਿਆ ਹੈ।
ਲੰਘੇ ਦਿਨ (6 ਜੂਨ ਨੂੰ) ਸਿੱਖ ਸੰਗਤਾਂ ਤੇ ਵੱਖ-ਵੱਖ ਜਥਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਨਮਿਤ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਸੰਗਤ ਪੂਰੀ ਭਾਵਨਾ ਅਤੇ ਸ਼ਰਧਾ ਨਾਲ ਸਮਾਗਮ ਵਿਚ ਸ਼ਾਮਿਲ ਹੋਈ ਸੀ।
ਅਫਸੋਸ ਕਿ ਅਰਦਾਸ ਸਮਾਗਮ ਮੌਕੇ ਪ੍ਰਬੰਧਕੀ ਅਦਾਰੇ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਮੁਲਾਜਮ ਅਤੇ ਪੁਲਿਸ ਪ੍ਰਸ਼ਾਸਨ ਇਕ-ਮਿਕ ਹੋਏ ਨਜ਼ਰ ਆ ਰਹੇ ਸਨ। ਚਿੱਟ-ਕਪੜੀਏ ਪੁਲਿਸ ਦੀ ਓਥੇ ਵਧਵੀਂ ਨਕਲੋ-ਹਰਕਤ ਸੀ। ਸਰਕਾਰ ਤਾਂ ਘੱਲੂਘਾਰੇ ਯਾਦ ਨੂੰ ਸਹਿਜ ਰੂਪ ਵਿਚ ਸਿੱਖ ਯਾਦ ਵਿਚ ਸਥਾਪਿਤ ਹੋ ਜਾਣ ਦੇ ਵਿਚਾਰ ਤੋਂ ਭੈਭੀਤ ਹੈ ਪਰ ਪ੍ਰਬੰਧਕ ਵੀ ਇਸ ਸਮਾਗਮ ਨੂੰ ਸਮੁੱਚੇ ਖਾਲਸਾ ਪੰਥ ਦਾ ਸਾਂਝਾ ਸਮਾਗਮ ਤੇ ਪ੍ਰੇਰਣਾ ਦਾ ਸੋਮਾ ਬਣਾਉਣ ਲਈ ਉੱਦਮ ਕਰਨ ਦੀ ਬਜਾਏ ਇਸ ਦੀ ਅਰਦਾਸ ਸਮਾਗਮ ਤੱਕ ਸੀਮਤ ਰੱਖ ਰਹੇ ਹਨ। ਪੰਥਕ ਹਿੱਸਿਆ ਸਮੇਤ 8ੁ ਸਿੱਖ ਸਫਾ ਵਿਚਲਾ ਅੰਦਰੂਨੀ ਖਿੰਡਾਓ ਕਾਰਨ ਪ੍ਰਬੰਧਕਾਂ ਤੇ ਪੁਲਿਸ ਪ੍ਰਸ਼ਾਸਨ ਅਜਿਹਾ ਕਰਨ ਦੀ ਥਾਂ ਮਿਲ ਜਾਂਦੀ ਹੈ। ਅੱਜ ਦੇ ਸਮੇਂ ਇਹ ਲੋੜੀਂਦਾ ਹੈ ਕਿ ਸਿੱਖ ਅੰਦਰੂਨੀ ਸੰਵਾਦ ਰਾਹੀਂ ਆਪਸ ਵਿਚ ਵਿਸ਼ਵਾਸਯੋਗਤਾ ਵਧਾਉਣ ਅਤੇ ਆਪਣੇ ਇਤਿਹਾਸਕ ਦਿਹਾੜਿਆਂ ਨੂੰ ਖਾਲਸਾਈ ਜ਼ਬਤ ਨਾਲ ਸਾਂਝੇ ਰੂਪ ਵਿਚ ਮਨਾਉਣ ਤਾਂ ਕਿ ਇਹ ਦਿਹਾੜੇ ਭਵਿੱਖ ਵੱਲ ਸਾਂਝੀ ਪੇਸ਼ਕਦਮੀ ਲਈ ਸਾਡਾ ਪ੍ਰੇਰਣਾ ਸਰੋਤ ਬਣਨ।
No Comments