ਪੰਥ ਸੇਵਕ ਸਖਸ਼ੀਅਤਾਂ ਵੱਲੋਂ ਆਉਂਦੇ ਮੀਰੀ ਪੀਰੀ ਦਿਵਸ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੇ ‘ਵਿਸ਼ਵ ਸਿੱਖ ਇਕੱਤਰਤਾ’ ਦੇ ਸੱਦੇ ਤਹਿਤ ਸਥਾਨਕ ਗੁਰ-ਸੰਗਤ, ਖਾਲਸਾ ਪੰਥ ਦੇ ਜਥਿਆਂ, ਸੰਪਰਦਾਵਾਂ, ਸਖਸੀਅਤਾਂ ਅਤੇ ਪੰਥ ਸੇਵਕਾਂ ਨਾਲ ਤਾਲਮੇਲ ਤੇ ਮੁਲਾਕਾਤਾਂ ਦੇ ਸਿਲਸਿਲੇ ਤਹਿਤ ਅੱਜ ਸ੍ਰੀ ਅੰਮ੍ਰਿਤਸਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਸਰਗਰਮ ਵਿਦਿਆਰਥੀ ਜਥੇਬੰਦੀਆਂ ਨਾਲ ਬੈਠਕ ਕੀਤੀ ਜਿਸ ਵਿਚ ਵਿਦਿਆਰਥੀ ਜਥੇਬੰਦੀ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸੱਥ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਰਣਜੀਤ ਐਵੀਨਿਊ ਸਥਿਤ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ ਹੋਈ ਇਸ ਬੈਠਕ ਵਿਚ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੋੜਾ, ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਇਸ ਵੇਲੇ ਜਦੋਂ ਸੰਸਾਰ, ਦੱਖਣੀ ਏਸ਼ੀਆ ਦੇ ਖਿੱਤੇ ਤੇ ਹਿੰਦੁਸਤਾਨ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ (ਹਿੰਦ ਸੇਟਟ) ਸਿੱਖ ਵਿੱਚ ਆਏ ਵਰਤਮਾਨ ਖਿੰਡਾਓ ਨੂੰ ਹੋਰ ਵਧਾ ਰਿਹਾ ਹੈ। ਖਾਲਸਾ ਪੰਥ ਤੇ ਗੁਰ-ਸੰਗਤ ਦੀ ਸੇਵਾ ਵਿਚ ਸਰਗਰਮ ਜਥਿਆਂ ਵਿਚ ਆਪਸੀ ਤਾਲਮੇਲ, ਸਾਂਝ ਅਤੇ ਇਤਫਾਕ ਉਭਾਰਨ ਦੀ ਸਖਤ ਜਰੂਰਤ ਹੈ।
ਉਹਨਾ ਕਿਹਾ ਕਿ ਸਦੀ ਪਹਿਲਾਂ ਸੰਘਰਸ਼ ਵਿੱਚੋਂ ਨਿੱਕਲੀਆਂ ਸਿੱਖ ਸੰਸਥਾਵਾਂ ਦਿੱਲੀ ਦਰਬਾਰ ਦੀ ਰਾਜਸੀ ਅਧੀਨਗੀ ਹੇਠ ਆ ਜਾਣ ਦੇ ਨਾਲ-ਨਾਲ ਕਈ ਹੋਰ ਅੰਦਰੂਨੀ ਕਮਜ਼ੋਰੀਆਂ ਦਾ ਵੀ ਸ਼ਿਕਾਰ ਹੋ ਚੁੱਕੀਆਂ ਹਨ। ਇਸ ਕਾਰਨ ਇਹ ਸਿੱਖਾਂ ਵਿੱਚ ਆਪਣੀ ਮਾਨਤਾ ਅਤੇ ਅਸਰ ਰਸੂਖ ਗਵਾਈ ਜਾ ਰਹੀਆਂ ਹਨ। ਪੰਥਕ ਸਖਸ਼ੀਅਤਾਂ ਨੇ ਕਿਹਾ ਕਿ ਉਹਨਾ ਵੱਲੋਂ ਪੰਥਕ ਪੱਧਰ ਉੱਤੇ ਆਪਸੀ ਵਿਚਾਰ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਉਸ ਤਹਿਤ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇੱਕਤਰਤਾ ਸੱਦੀ ਗਈ ਹੈ ਜਿਸ ਵਿਚ ‘ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ’ ਬਾਰੇ ਸਾਂਝੀ ਰਾਏ ਬਣਾਉਣ ਦਾ ਯਤਨ ਕੀਤਾ ਜਾਵੇਗਾ। ਪੰਥਕ ਸਖਸ਼ੀਅਤਾਂ ਨੇ ਦੋਵਾਂ ਵਿਦਿਆਰਥੀ ਜਥੇਬੰਦੀਆਂ ਨੂੰ ਮੀਰੀ ਪੀਰੀ ਦਿਵਸ ਉੱਤੇ ਹੋਣ ਵਾਲੀ ਇਕੱਤਰਤਾ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ।
ਇਸ ਬੈਠਕ ਵਿਚ ਡਾ. ਕੰਵਲਜੀਤ ਸਿੰਘ (ਪ੍ਰੋ.ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ), ਜੁਗਰਾਜ ਸਿੰਘ ਮਝੈਲ, ਜੁਝਾਰ ਸਿੰਘ ਸੱਥ, ਸਮਸ਼ੇਰ ਸਿੰਘ ,ਡਾ ਕੰਵਰ ਅਮਰਿੰਦਰ ਸਿੰਘ, ਸੰਗੀਤ ਸਿੰਘ ਪ੍ਰਧਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ussf, ਡਾ ਸੁਭਦੀਪ ਸਿੰਘ ਪ੍ਰਧਾਨ ਗੁਰ ਨਾਨਕ ਮੈਡੀਕਲ ਕਾਲਜussf, ਸਿਮਰਤਜੀਤ ਸਿੰਘ, ਅਨਮੋਲ ਸਿੰਘ ਰਾਜਪੂਤ, ਸਿਮਰਜੀਤ ਸਿੰਘ, ਗੁਰਵਿੰਦਰ ਸਿੰਘ, ਇੰਦਰਜੀਤ ਸਿੰਘ,ਗੁਰਵਿੰਦਰ ਸਿੰਘ,ਵਾਰਿਸਦੀਪ ਸਿੰਘ,ਧੰਨਪ੍ਰੀਤ ਸਿੰਘ, ਪੰਥ ਸੇਵਕ ਜਥਾ ਮਾਝਾ ਤੋਂ ਸੁਖਦੀਪ ਸਿੰਘ ਮੀਕੇ ਹਾਜਰ ਸਨ।
No Comments