ਜੀਰਾ ਫੈਕਟਰੀ ਬੰਦ ਕਰਨੀ ਲੋਕਾਈ ਦੇ ਸਬਰ, ਸਿਰੜ ਤੇ ਏਕੇ ਦੀ ਜਿੱਤ: ਪੰਥਕ ਆਗੂ

ਸਾਂਝੇ ਬਿਆਨ By Jan 18, 2023 No Comments

ਪੰਥਕ ਸੇਵਕ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਿਨਾਮ ਸਿੰਘ ਖੰਡੇਵਾਲ, ਭਾਈ ਸਤਿਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਰਾਬ ਤੇ ਇਥਨੌਲ ਬਣਾਉਣ ਵਾਲੀ ‘ਮਾਲਬਰੋਜ਼ ਪ੍ਰਾਈਵੇਟ ਲਿਮਟਿਡ’ ਜੀਰਾ ਫੈਕਟਰੀ ਨੂੰ ਬੰਦ ਕਰਨ ਦਾ ਪੰਜਾਬ ਸਰਕਾਰ ਦਾ ਫੈਸਲਾ, ਕਿਸਾਨਾਂ, ਵਾਤਾਵਰਨ ਪ੍ਰੇਮੀਆਂ ਤੇ ਇਨਸਾਨੀਅਤ ਦੀ ਜਿੱਤ ਹੈ। ਇਸ ਲਈ ਅੰਦੋਲਨ ਕਰਨ ਵਾਲੀ ਲੀਡਰਸ਼ਿੱਪ ਤੇ ਅੰਦੋਲਨ ’ਚ ਭਾਗ ਲੈਣ ਵਾਲੇ ਸਾਰੇ ਲੋਕ ਤੇ ਖਾਸ ਕਰਕੇ ਪ੍ਰਭਾਵਤ ਪਿੰਡਾਂ ਦੇ ਵਸਨੀਕ ਵਧਾਈ ਦੇ ਪਾਤਰ ਹਨ।

ਸਰਕਾਰ ਵੱਲੋਂ ਪਹਿਲਾ ਇਸ ਮੋਰਚੇ ਨੂੰ ਅਸਫਲ ਕਰਨ ਅਤੇ ਫੈਕਟਰੀ ਮਾਲਕ ਦਾ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਪਰ ਲੋਕਾਂ ਦੇ ਸਬਰ, ਸਿਰੜ ਅਤੇ ਦ੍ਰਿੜਤਾ ਕਾਰਨ ਅਖੀਰ ਸਰਕਾਰ ਨੇ ਫੈਕਟਰੀ ਬੰਦ ਕਰਨ ਦਾ ਫੈਸਲਾ ਲਿਆ ਹੈ।

ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਮੁਨਾਫੇ ਲਈ ਪੰਜਾਬ ਦੀ ਆਬੋ-ਹਵਾ ਅਤੇ ਪਾਣੀ ਜਿਹੇ ਕੁਦਰਤੀ ਸਾਧਨਾਂ ਨੂੰ ਦੂਸ਼ਿਤ ਕਰਨ ਵਿਰੁਧ ਸਫਲਤਾਂ ਲਈ ਏਕਤਾ ਨਾਲ ਕੀਤਾ ਜਾਣ ਵਾਲਾ ਸੰਘਰਸ਼ ਦੀ ਇਕੋ-ਇਕ ਕਾਰਗਰ ਰਸਤਾ ਹੈ। ਇਹ ਸਫਲਤਾ ਅਗਲੇਰੇ ਸੰਘਰਸ਼ਾਂ ਲਈ ਉਤਸ਼ਾਹ ਅਤੇ ਪ੍ਰੇਰਣਾ ਦਾ ਸਵੱਬ ਬਣੇਗੀ।

 

ਉਹਨਾਂ ਸਪੱਸ਼ਟ ਕੀਤਾ ਕਿ ਫੈਕਟਰੀ ਬੰਦ ਕਰਨ ਦੇ ਸਰਕਾਰੀ ਹੁਕਮ ਨਾਲ ਮੋਰਚੇ ਦਾ ਪਹਿਲਾ ਪੜਾਅ ਜਰੂਰ ਜਿੱਤਿਆ ਗਿਆ, ਪਰ ਲੜਾਈ ਅਜੇ ਮੁੱਕੀ ਨਹੀਂ, ਅਗਲੇ ਪੜਾਅ ਵਿੱਚ ਦਾਖਲ ਹੋਈ ਹੈ। ਅਜੇ ਨਾ ਤਾਂ ਸਰਕਾਰ ਨੇ ਇਸ ਫੈਕਟਰੀ ਦਾ ਲਾਇਸੈਂਸ ਹੀ ਰੱਦ ਕੀਤਾ ਹੈ ਤੇ ਨਾ ਫੈਕਟਰੀ ਦੀ ਜ਼ਮੀਨ ਅਕਵਾਇਰ ਕਰਨ ਅਤੇ ਫੈਕਟਰੀ ਤੇ ਉਸ ਦਾ ਸਾਜ਼ੋ-ਸਮਾਨ ਹਟਾਉਣ ਬਾਰੇ ਹੀ ਕੋਈ ਕਦਮ ਚੁੱਕਿਆ ਹੈ। ਫੈਕਟਰੀ ਮਾਲਕ ਕੋਲ ਸਰਕਾਰ ਦੇ ਇਸ ਫੈਸਲੇ ਨੂੰ ਚਨੌਤੀ ਦੇਣ ਦਾ ਕਨੂੰਨੀ ਵਿਕਲਪ ਮੌਜੂਦ ਹੈ।

ਉਹਨਾਂ ਕਿਹਾ ਹੁਣ ਕਨੂੰਨੀ ਲੜਾਈ ਲੜਨ ਦਾ ਪੜਾਅ ਸ਼ੁਰੂ ਹੋਣ ਦੇ ਅਸਾਰ ਹਨ ਅਤੇ ਉਸ ਲਈ ਸੁਹਿਰਦ ਕਦਮ ਚੁਕਣੇ ਪੈਣਗੇ। ਸਰਕਾਰ ਲਈ ਵੀ ਪਰਖ ਦੀ ਅਗਲੀ ਘੜੀ ਸ਼ੁਰੂ ਹੋ ਗਈ ਹੈ, ਉਹ ਲੋਕਾਂ ਦੇ ਪੱਖ ਵਿੱਚ ਭੁਗਤਦੀ ਹੈ ਜਾਂ ਫੈਕਟਰੀ ਨੂੰ ਮੁਆਵਜ਼ਾ ਅਦਾ ਕਰਨ ਜਿਹੀ ਪਹਿਲਾਂ ਵਰਗੀ ਨੀਤੀ ਧਾਰ ਕੇ ਫੈਕਟਰੀ ਮਾਲਕ ਦੀ ਅਸਿੱਧੀ ਮਦਦ ਕਰਦੀ ਹੈ, ਇਹਦਾ ਪਤਾ ਆਉਣ ਵਾਲੇ ਦਿਨਾਂ ਵਿੱਚ ਹੀ ਲੱਗੇਗਾ। ਅੰਦੋਲਨਕਾਰੀ ਆਗੂਆਂ ਨੂੰ ਕਨੂੰਨੀ ਲੜਾਈ ਲਈ ਤੁਰੰਤ ਕਮਰਕੱਸੇ ਕਰਨੇ ਚਾਹੀਦੇ ਹਨ ਅਤੇ ਪੰਜਾਬ ਦੇ ਲੋਕਾਂ ਆਪਣਾ ਸਹਿਯੋਗ ਮੋਰਚੇ ਦੇ ਅਗਲੇ ਪੜਾਵਾਂ ਵਿਚ ਵੀ ਜਾਰੀ ਰੱਖਣਾ ਚਾਹੀਦਾ ਹੈ।

No Comments

Leave a comment

Your email address will not be published. Required fields are marked *